ਸਰਵਾਈਕਲ ਸਕ੍ਰੀਨਿੰਗ ਟੈਸਟ, ਸਰਵਾਈਕਲ ਦੇ ਕੈਂਸਰ ਨੂੰ ਰੋਕ ਸਕਦਾ ਹੈ।
ਜੇ ਤੁਹਾਡਾ ਟੈਸਟ ਹੋਣ ਵਾਲਾ ਹੈ, ਤਾਂ ਆਪਣੀ ਮੁਲਾਕਾਤ ਬੁੱਕ ਕਰੋ - ਇਹ ਤੁਹਾਡੀ ਜਾਨ ਬਚਾਅ ਸਕਦਾ ਹੈ।

ਸਰਵਾਈਕਲ ਕੈਂਸਰ ਕੀ ਹੈ?
ਸਰਵਾਈਕਲ ਕੈਂਸਰ ਬੱਚੇਦਾਨੀ ਦੇ ਮੂੰਹ ਦੇ ਸੈੱਲਾਂ ਵਿੱਚਲਾ ਕੈਂਸਰ ਹੈ। ਬੱਚੇਦਾਨੀ ਦਾ ਮੂੰਹ, ਮਾਦਾ ਪ੍ਰਜਨਨ ਪ੍ਰਣਾਲੀ ਦਾ ਹਿੱਸਾ ਹੈ। ਇਹ ਯੋਨੀ ਨੂੰ ਬੱਚੇਦਾਨੀ (ਗਰਭ) ਨਾਲ ਜੋੜਦਾ ਹੈ।

ਸਰਵਾਈਕਲ ਕੈਂਸਰ ਦਾ ਕਾਰਨ ਕੀ ਹੈ?
ਲੱਗਭਗ ਬੱਚੇਦਾਨੀ ਦੇ ਮੂੰਹ ਦੇ ਸਾਰੇ ਕੈਂਸਰ ਮਨੁੱਖੀ ਪੈਪੀਲੋਮਾਵਾਇਰਸ (HPV) ਨਾਮਕ ਲਾਗ ਦੇ ਕਾਰਨ ਹੁੰਦੇ ਹਨ।
HPV ਇਕ ਆਮ ਜਿਹੀ ਲਾਗ ਹੈ। ਇਹ ਜਿਨਸੀ ਗਤੀਵਿਧੀਆਂ ਰਾਹੀਂ ਲੋਕਾਂ ਵਿਚਕਾਰ ਫ਼ੈਲਦੀ ਹੈ। ਇਸ ਵਿੱਚ ਆਮ ਤੌਰ 'ਤੇ ਕੋਈ ਲੱਛਣ ਨਹੀਂ ਹੁੰਦੇ ਅਤੇ ਇਕ ਤੋਂ ਦੋ ਸਾਲਾਂ ਵਿੱਚ ਆਪਣੇ ਆਪ ਖ਼ਤਮ ਹੋ ਜਾਂਦੀ ਹੈ।
ਹਾਲਾਂਕਿ, ਜੇ ਲਾਗ ਆਪਣੇ ਆਪ ਖ਼ਤਮ ਨਹੀਂ ਹੁੰਦੀ, ਤਾਂ ਇਹ ਸੈੱਲਾਂ ਵਿੱਚ ਤਬਦੀਲੀਆਂ ਦਾ ਕਾਰਨ ਬਣ ਸਕਦੀ ਹੈ ਜੋ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦਾ ਕਾਰਨ ਬਣ ਸਕਦੀ ਹੈ।

ਸਰਵਾਈਕਲ ਸਕ੍ਰੀਨਿੰਗ ਟੈਸਟ ਦੀ ਕੀਮਤ ਕਿੰਨੀ ਹੈ?
ਸਰਵਾਈਕਲ ਸਕ੍ਰੀਨਿੰਗ ਲਈ ਮੈਡੀਕੇਅਰ ਦੀ ਛੋਟ ਹੈ। ਕੁਝ ਡਾਕਟਰ ਸਰਵਾਈਕਲ ਸਕ੍ਰੀਨਿੰਗ ਮੁਫ਼ਤ (ਬਲਕ ਬਿਲਿੰਗ) ਪ੍ਰਦਾਨ ਕਰਦੇ ਹਨ। ਕੁਝ ਡਾਕਟਰ ਫ਼ੀਸ ਲੈਂਦੇ ਹਨ। ਜਦੋਂ ਤੁਸੀਂ ਆਪਣਾ ਟੈਸਟ ਬੁੱਕ ਕਰਦੇ ਹੋ ਤਾਂ ਇਹ ਪੁੱਛਣਾ ਸਭ ਤੋਂ ਵਧੀਆ ਹੈ ਕਿ ਕੀ ਕੋਈ ਵਾਧੂ ਖਰਚੇ ਹਨ।

ਸਰਵਾਈਕਲ ਸਕ੍ਰੀਨਿੰਗ, ਸਰਵਾਈਕਲ ਕੈਂਸਰ ਨੂੰ ਰੋਕ ਸਕਦੀ ਹੈ
ਸਰਵਾਈਕਲ ਸਕ੍ਰੀਨਿੰਗ ਟੈਸਟ ਇਕ ਸਧਾਰਣ ਅਤੇ ਜਲਦੀ ਨਾਲ ਕੀਤਾ ਜਾਣ ਵਾਲਾ ਟੈਸਟ ਹੈ ਜੋ HPV ਦੀ ਭਾਲ ਕਰਕੇ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਨੂੰ ਰੋਕ ਸਕਦਾ ਹੈ।
25-74 ਸਾਲ ਦੀ ਉਮਰ ਦੀਆਂ ਔਰਤਾਂ ਤੇ ਉਹਨਾਂ ਲੋਕਾਂ ਨੂੰ ਜਿਹਨਾਂ ਕੋਲ ਬੱਚੇਦਾਨੀ ਦੇ ਮੂੰਹ ਹਨ, ਹਰ ਪੰਜ ਸਾਲਾਂ ਬਾਅਦ ਸਰਵਾਈਕਲ ਸਕ੍ਰੀਨਿੰਗ ਟੈਸਟ ਕਰਵਾਉਣਾ ਚਾਹੀਦਾ ਹੈ। ਤੁਸੀਂ ਆਪਣੇ ਡਾਕਟਰ ਜਾਂ ਨਰਸ ਨਾਲ ਸਰਵਾਈਕਲ ਸਕ੍ਰੀਨਿੰਗ ਟੈਸਟ ਕਰਵਾਉਣ ਦਾ ਸਮਾਂ ਬੁੱਕ ਕਰ ਸਕਦੇ ਹੋ।
ਤੁਸੀਂ ਆਪਣੇ ਟੈਸਟ ਲਈ ਦੋ ਵਿਕਲਪਾਂ ਦੇ ਵਿਚਕਾਰ ਚੋਣ ਕਰ ਸਕਦੇ ਹੋ:

1. ਤੁਹਾਡਾ ਡਾਕਟਰ ਜਾਂ ਨਰਸ, ਤੁਹਾਡੇ ਬੱਚੇਦਾਨੀ ਦੇ ਮੂੰਹ ਤੋਂ ਇਕ ਨਮੂਨਾ ਉਪਕਰਣ ਦੀ ਵਰਤੋਂ ਕਰਕੇ ਇਕੱਠਾ ਕਰ ਸਕਦੇ ਹਨ ਜਿਸ ਨੂੰ ਸਪੈਕੁਲਮ ਕਿਹਾ ਜਾਂਦਾ ਹੈ, ਜਾਂ;

2. ਤੁਸੀਂ ਸਵੈਬ ਦੀ ਵਰਤੋਂ ਕਰਕੇ ਆਪਣੀ ਯੋਨੀ ਤੋਂ ਆਪਣਾ ਨਮੂਨਾ ਇਕੱਠਾ ਕਰ ਸਕਦੇ ਹੋ। ਇਸ ਨੂੰ ਆਪਣੇ-ਆਪ ਇਕੱਠਾ ਕਰਨਾ ਕਿਹਾ ਜਾਂਦਾ ਹੈ। ਤੁਹਾਨੂੰ ਮੈਡੀਕਲ ਸੈਂਟਰ ਵਿਖੇ ਸਵੈਬ, ਹਦਾਇਤਾਂ ਅਤੇ ਨਿੱਜੀ ਜਗ੍ਹਾ ਦਿੱਤੀ ਜਾਵੇਗੀ ਜਿੱਥੇ ਤੁਸੀਂ ਆਪਣਾ ਨਮੂਨਾ ਇਕੱਠਾ ਕਰ ਸਕਦੇ ਹੋ।
ਨਮੂਨੇ ਨੂੰ HPV ਅਤੇ ਸੈੱਲ ਵਿੱਚਲੀਆਂ ਕਿਸੇ ਵੀ ਤਬਦੀਲੀਆਂ ਦੀ ਜਾਂਚ ਕਰਨ ਲਈ ਭੇਜਿਆ ਜਾਂਦਾ ਹੈ।
ਜੇ ਤੁਹਾਨੂੰ HPV ਹੈ, ਤਾਂ ਤੁਹਾਨੂੰ ਇਹ ਜਾਂਚ ਕਰਨ ਲਈ ਛੇਤੀ ਹੀ ਇੱਕ ਦੂਜੇ ਟੈਸਟ ਦੀ ਲੋੜ ਪੈ ਸਕਦੀ ਹੈ ਕਿ ਕੀ ਲਾਗ ਆਪਣੇ ਆਪ ਖ਼ਤਮ ਹੋ ਗਈ ਹੈ। ਜੇ ਤੁਹਾਡੇ ਸੈੱਲਾਂ ਵਿੱਚ ਅਸਧਾਰਨ ਤਬਦੀਲੀਆਂ ਹੁੰਦੀਆਂ ਹਨ, ਤਾਂ ਉਹਨਾਂ ਦੀ ਨਿਗਰਾਨੀ ਕੀਤੀ ਜਾ ਸਕਦੀ ਹੈ ਜਾਂ ਇਲਾਜ ਕੀਤਾ ਜਾ ਸਕਦਾ ਹੈ, ਤਾਂ ਜੋ ਤੁਹਾਨੂੰ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਹੋਣ ਤੋਂ ਰੋਕਿਆ ਜਾ ਸਕੇ।
ਕੀ ਕਰਨਾ ਹੈ ਅਤੇ ਆਪਣਾ ਟੈਸਟ ਬੁੱਕ ਕਰਨਾ

ਪਤਾ ਕਰੋ ਕਿ ਤੁਹਾਡਾ ਆਪਣੇ ਅਗਲੇ ਟੈਸਟ ਲਈ ਜਾਣਾ ਕਦੋਂ ਤੈਅ ਹੈ । National Cancer Screening Register (ਰਾਸ਼ਟਰੀ ਕੈਂਸਰ ਸਕ੍ਰੀਨਿੰਗ ਰਜਿਸਟਰ) ਨੂੰ 1800 627 701 'ਤੇ ਫ਼ੋਨ ਕਰੋ ਜਾਂ ਆਪਣੇ ਡਾਕਟਰ ਜਾਂ ਨਰਸ ਨੂੰ ਪੁੱਛੋ।

ਤੁਸੀਂ ਆਪਣੇ ਡਾਕਟਰ ਜਾਂ ਨਰਸ ਨੂੰ ਆਪਣੀ ਮੁਲਾਕਾਤ ਵਾਸਤੇ ਦੁਭਾਸ਼ੀਆ ਬੁੱਕ ਕਰਨ ਲਈ ਕਹਿ ਸਕਦੇ ਹੋ।

ਤੁਸੀਂ ਅਨੁਵਾਦ ਅਤੇ ਦੁਭਾਸ਼ੀਆ ਸੇਵਾ (TIS) ਨੂੰ 13 14 50 'ਤੇ ਫ਼ੋਨ ਕਰ ਸਕਦੇ ਹੋ।

ਜੇ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਕਿਸੇ ਸਹਾਇਕ ਵਿਅਕਤੀ, ਜਿਵੇਂ ਕਿ ਕੋਈ ਦੋਸਤ ਜਾਂ ਪਰਿਵਾਰ ਦੇ ਜੀਅ ਨੂੰ ਆਪਣੇ ਟੈਸਟ ਲਈ ਨਾਲ ਲੈ ਕੇ ਜਾ ਸਕਦੇ ਹੋ।

ਆਪਣੇ ਮੈਡੀਕਲ ਸੈਂਟਰ ਵਿਖੇ ਕਿਸੇ ਡਾਕਟਰ ਜਾਂ ਨਰਸ ਨਾਲ ਸਮਾਂ ਬੁੱਕ ਕਰੋ। ਤੁਸੀਂ ਇਹ ਕਰਨਾ ਚੁਣ ਸਕਦੇ ਹੋ:
- ਆਪਣੇ ਆਮ ਡਾਕਟਰ ਨੂੰ ਮਿਲੋ
- ਕਿਸੇ ਔਰਤ ਡਾਕਟਰ ਨੂੰ ਮਿਲਣ ਲਈ ਕਹੋ
- ਕਿਸੇ ਵੱਖਰੇ ਮੈਡੀਕਲ ਸੈਂਟਰ ਜਾਂ ਸਿਹਤ ਕਲੀਨਿਕ ਵਿੱਚ ਜਾਓ, ਜਿਵੇਂ ਕਿ
- ਭਾਈਚਾਰਕ ਸਿਹਤ ਕੇਂਦਰ
- ਔਰਤਾਂ ਦਾ ਸਿਹਤ ਕੇਂਦਰ
- ਪਰਿਵਾਰ ਨਿਯੋਜਨ ਕਲੀਨਿਕ।

ਸਰਵਾਈਕਲ ਸਕ੍ਰੀਨਿੰਗ ਤੋਂ ਤੁਹਾਡੇ ਨਤੀਜੇ
ਤੁਹਾਡਾ ਡਾਕਟਰ ਜਾਂ ਨਰਸ ਤੁਹਾਨੂੰ ਤੁਹਾਡੇ ਨਤੀਜੇ ਉਦੋਂ ਦੇਵੇਗੀ ਜਦੋਂ ਉਹ ਤਿਆਰ ਹੋਣਗੇ। ਉਹ ਤੁਹਾਡੇ ਨਤੀਜਿਆਂ ਬਾਰੇ ਤੁਹਾਡੇ ਕਿਸੇ ਵੀ ਸਵਾਲਾਂ ਦੇ ਜਵਾਬ ਦੇ ਸਕਦੇ ਹਨ।
ਜ਼ਿਆਦਾਤਰ ਲੋਕਾਂ ਨੂੰ 5 ਸਾਲਾਂ ਵਿੱਚ ਇਕ ਹੋਰ ਸਰਵਾਈਕਲ ਸਕ੍ਰੀਨਿੰਗ ਟੈਸਟ ਕਰਵਾਉਣ ਲਈ ਕਿਹਾ ਜਾਵੇਗਾ। ਇਸ ਦਾ ਮਤਲਬ ਹੈ ਕਿ ਨਤੀਜਾ ਆਮ ਹੈ ਅਤੇ HPV ਦੀ ਕੋਈ ਲਾਗ ਨਹੀਂ ਮਿਲੀ।
ਕੁਝ ਲੋਕਾਂ ਨੂੰ 12 ਮਹੀਨਿਆਂ ਵਿੱਚ ਇਕ ਹੋਰ ਸਰਵਾਈਕਲ ਸਕ੍ਰੀਨਿੰਗ ਟੈਸਟ ਦੀ ਲੋੜ ਪਵੇਗੀ। ਇਹ ਜਾਂਚ ਕਰਨ ਲਈ ਹੈ ਕਿ ਕੀ HPV ਦੀ ਲਾਗ ਆਪਣੇ ਆਪ ਖ਼ਤਮ ਹੋ ਗਈ ਹੈ।
ਕੁਝ ਲੋਕਾਂ ਨੂੰ ਇਕ ਵੱਖਰੇ ਟੈਸਟ ਲਈ ਮਾਹਰ ਡਾਕਟਰ ਨੂੰ ਮਿਲਣ ਲਈ ਕਿਹਾ ਜਾਵੇਗਾ। ਇਸ ਨੂੰ ਕੋਲਪੋਸਕੋਪੀ ਕਿਹਾ ਜਾਂਦਾ ਹੈ। ਇਹ ਪ੍ਰਕਿਰਿਆ ਬੱਚੇਦਾਨੀ ਦੇ ਮੂੰਹ ਨੂੰ ਇਸ ਵਿੱਚ ਤਬਦੀਲੀਆਂ ਦੀ ਜਾਂਚ ਕਰਨ ਲਈ ਨੇੜਿਓਂ ਵੇਖਦੀ ਹੈ ਜਿਨ੍ਹਾਂ ਨੂੰ ਇਲਾਜ ਦੀ ਲੋੜ ਹੋ ਸਕਦੀ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਵਿਅਕਤੀ ਨੂੰ ਸਰਵਾਈਕਲ ਕੈਂਸਰ ਹੈ। HPV ਦੀ ਲਾਗ ਲੱਗਣ ਤੋਂ ਬਾਅਦ ਕੈਂਸਰ ਹੋਣ ਵਿੱਚ ਬਹੁਤ ਸਮਾਂ ਲੱਗਦਾ ਹੈ ਅਤੇ ਇਹ ਆਮ ਗੱਲ ਨਹੀਂ ਹੈ।

ਜੇ ਤੁਸੀਂ ਅਸਧਾਰਨ ਲੱਛਣਾਂ ਜਾਂ ਬਿਮਾਰੀ ਦੇ ਚਿੰਨ੍ਹਾਂ ਨੂੰ ਵੇਖਦੇ ਹੋ ਤਾਂ ਕੀ ਕਰਨਾ ਹੈ
ਜੇ ਤੁਸੀਂ ਇਹਨਾਂ ਲੱਛਣਾਂ ਨੂੰ ਵੇਖਦੇ ਹੋ ਤਾਂ ਜਿੰਨੀ ਜਲਦੀ ਹੋ ਸਕੇ ਆਪਣੇ ਡਾਕਟਰ ਜਾਂ ਨਰਸ ਨਾਲ ਗੱਲ ਕਰੋ:
- ਯੋਨੀ ਵਿੱਚੋਂ ਖੂਨ ਵਗਣਾ ਜਦੋਂ ਕਿ ਅਜਿਹਾ ਨਹੀਂ ਹੋਣਾ ਚਾਹੀਦਾ। ਉਦਾਹਰਨ ਲਈ, ਸੰਭੋਗ ਤੋਂ ਬਾਅਦ ਖੂਨ ਵਗਣਾ ਜਾਂ ਮੇਨੋਪੌਜ਼ (ਮਾਹਵਾਰੀ ਬੰਦ ਹੋਣ) ਤੋਂ ਬਾਅਦ ਕਿਸੇ ਵੀ ਸਮੇਂ ਖੂਨ ਵਗਣਾ।
- ਯੋਨੀ ਵਿੱਚੋਂ ਲਗਾਤਾਰ ਰਿਸਾਅ ਦਾ ਵਗਣਾ ਜਾਰੀ ਰਹਿਣਾ।
- ਸੰਭੋਗ ਦੌਰਾਨ ਅਸਪੱਸ਼ਟ ਲਗਾਤਾਰ ਦਰਦ।
ਆਪਣੇ ਅਗਲੇ ਸਰਵਾਈਕਲ ਸਕ੍ਰੀਨਿੰਗ ਟੈਸਟ ਦੀ ਉਡੀਕ ਨਾ ਕਰੋ। ਇਹ ਲੱਛਣ ਸਰਵਾਈਕਲ ਕੈਂਸਰ ਲਈ ਵਿਸ਼ੇਸ਼ ਨਹੀਂ ਹਨ। ਇਹ ਹੋਰ ਸਿਹਤ ਸਮੱਸਿਆਵਾਂ ਕਰਕੇ ਹੋ ਸਕਦੇ ਹਨ ਅਤੇ ਇਹਨਾਂ ਦੀ ਜਾਂਚ ਤੁਹਾਡੇ ਡਾਕਟਰ ਦੁਆਰਾ ਕੀਤੀ ਜਾਣੀ ਚਾਹੀਦੀ ਹੈ।